ਫ਼ਿਰੋਜ਼ਪੁਰ, 7 ਸਤੰਬਰ – ਬੀਤੇ ਦਿਨੀਂ ਫ਼ਿਰੋਜ਼ਪੁਰ ’ਚ ਵਾਪਰੇ ਤੀਹਰੇ ਕਤਲ ਕਾਂਡ ਦੇ ਸ਼ੂਟਰਾਂ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਔਰੰਗਾਬਾਦ ਦੀ ਪੁਲਿਸ ਵਲੋਂ ਸਾਂਝੇ ਆਪੇ੍ਰਸ਼ਨ ਦੌਰਾਨ ਕਾਬੂ ਕਰ ਲਿਆ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਉਕਤ ਸ਼ੂਟਰਾਂ ਨੇ ਫ਼ਿਰੋਜ਼ਪੁਰ ਸਥਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਸਾਹਮਣੇ ਵਰਨਾ ਕਾਰ ’ਚ ਸਵਾਰ 5 ਜਣਿਆਂ ’ਤੇ 50 ਤੋਂ ਵਧੇਰੇ ਰਾਉਂਡ ਫਾਇਰ ਕੀਤੇ ਗਏ ਸਨ, ਜਿਸ ਦੌਰਾਨ 3 ਭੈਣ-ਭਰਾਵਾਂ ਦੀ ਮੌਕੇ ’ਤੇ ਮੌਤ ਹੋ ਗਈ ਸੀ, ਜਦਕਿ ਦੋ ਸਾਥੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਸਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਉਕਤ ਸ਼ੂਟਰ ਮਹਾਰਾਸ਼ਟਰ ਨੰਬਰ ਦੀ ਇਨੋਵਾ ਗੱਡੀ ’ਚ ਸਵਾਰ ਹੋ ਕੇ ਜਾ ਰਹੇ ਸਨ, ਜਿੰਨਾਂ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਔਰੰਗਾਬਾਦ ਪੁਲਿਸ ਵਲੋਂ ਸਾਂਝੇ ਆਪੇ੍ਰਸ਼ਨ ਦੌਰਾਨ ਮਹਾਰਾਸ਼ਟਰ ਦੇ ਔਰੰਗਾਬਾਦ (ਮੁੰਬਈ-ਨਾਗਪੁਰ ਐਕਸਪੈ੍ਰੱਸਵੇਅ) ਤੋਂ ਕਾਬੂ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਫ਼ਿਰੋਜ਼ਪੁਰ ’ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਸਨ ਕਿ ਆਖਰ ਸਾਰੇ ਦੇ ਸਾਰੇ ਸ਼ੂਟਰ ਗਏ ਤਾਂ ਗਏ ਕਿੱਥੇ। ਉਕਤ ਸ਼ੂਟਰਾਂ ਨੂੰ ਪੰਜਾਬ ਪੁਲਿਸ ਮਹਾਰਾਸ਼ਟਰ ਤੋਂ ਫ਼ਿਰੋਜ਼ਪੁਰ ਜਲਦ ਲੈ ਕੇ ਆਵੇਗੀ, ਜਿੰਨਾਂ ਪਾਸੋਂ ਪੁੱਛਗਿੱਛ ਤੋਂ ਬਾਅਦ ਵੱਡੇ ਖੁਲਾਸੇ ਸਾਹਮਣੇ ਆਉਣਗੇ।