ਪੰਜਾਬ ਵਿਚ ਸਿੱਖਿਆ ਵਿਭਾਗ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ ਕਿਉਂਕਿ ਵਿਭਾਗ ਦੀ ਅਣਗਹਿਲੀ ਕਾਰਨ 23 ਹਜ਼ਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵਜੋਂ ਗਲਤੀ ਨਾਲ ਦੋ ਗੁਣਾ ਤੇ ਕਈਆਂ ਨੂੰ ਤਿੰਨ ਗੁਣਾ ਸਕਾਲਰਸ਼ਿਪ ਰਕਮ ਟਰਾਂਸਫਰ ਹੋ ਗਈ ਅਤੇ ਹੁਣ ਵਿਦਿਆਰਥੀਆਂ ਤੋਂ ਕਰੋੜਾਂ ਰੁਪਏ ਵਾਪਸ ਲੈਣ ਲਈ ਸਕੂਲਾਂ ਨੂੰ ਨੋਟਿਸ ਭੇਜਿਆ ਗਿਆ ਹੈ। ਹੁਣ ਵਿਦਿਆਰਥੀਆਂ ਨੂੰ 20 ਅਕਤੂਬਰ ਤੱਕ ਰਕਮ ਐੱਚਡੀਐੱਫਸੀ ਬੈਂਕ ਵਿਚ ਜਮ੍ਹਾ ਕਰਵਾ ਕੇ ਰਸੀਦ ਆਪਣੇ ਸਕੂਲ ਵਿਚ ਜਮ੍ਹਾ ਕਰਵਾਉਣੀ ਹੈ। ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੇ ਸਰਕਾਰੀ ਫਰਮਾਨ ਨਾਲ ਹੋਸ਼ ਉਡ ਗਏ ਹਨ।
ਜਾਣਕਾਰੀ ਮੁਤਾਬਕ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਤਹਿਤ ਇਕ ਵਿਦਿਆਰਥੀ ਨੂੰ 3500 ਰੁਪਏ ਸਕਾਲਰਸ਼ਿਪ ਦਿੱਤੀ ਜਾਂਦੀ ਹੈ।ਇਸ ਵਿਚ ਕੇਂਦਰ ਸਰਕਾਰ ਵੱਲੋਂ 2100 ਰੁਪਏ ਤੇ ਪੰਜਾਬ ਸਰਕਾਰ ਵੱਲੋਂ 1400 ਰੁਪਏ ਦਿੱਤੇ ਜਾਂਦੇ ਹਨ। ਸਾਲ 2022-23 ਦੇ ਅਪ੍ਰੈਲ-ਮਈ ਵਿਚ ਭੇਜੇ ਗਏ ਪੈਸਿਆਂ ਵਿਚ ਪੰਜਾਬ ਦੇ 23000 ਵਿਦਿਆਰਥੀਆਂ ਨੂੰ 3500 ਦੀ ਜਗ੍ਹਾ 1400 ਵਧਾ ਕੇ 4900 ਤੇ 694 ਵਿਦਿਆਰਥੀਆਂ ਨੂੰ 3500 ਦੀ ਜਗ੍ਹਾ 2800 ਰੁਪਏ ਵਧਾ ਕੇ 6300 ਰੁਪਏ ਦੀ ਰਕਮ ਭੇਜੀ ਗਈ ਹੈ।ਇਸ ਨੂੰ ਵਾਪਸ ਲੈਣ ਲਈ ਹੁਣ ਸਿੱਖਿਆ ਵਿਭਾਗ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ।