ਬੀਤੀ ਰਾਤ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋ ਜਾਰੀ ਕੀਤੀ ਇਕ ਤਸਵੀਰ ਕਈ ਨੌਜਵਾਨ ਕਾਂਗਰਸੀ ਲੀਡਰਾਂ ਦੀ ਨੀਂਦ ਉਡਾ ਗਈ ਕਿਉਂਕਿ ਕਈ ਹਲਕਿਆਂ ਨੂੰ ਲਵਾਰਸ ਛੱਡ ਓਹਨਾ ਦੇ ਵਾਰਸ ਸਾਬਕਾ ਕਾਂਗਰਸੀ ਮੰਤਰੀ ਕੁਝ ਮਹੀਨੇ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਪਰ ਬੀਤੀ ਰਾਤ ਉਹ ਫਿਰ ਤੋਂ ਕਾਂਗਰਸੀ ਹੋਣ ਲਈ ਦਿੱਲੀ ਵਿਖੇ ਪਾਰਟੀ ਦੇ ਜਰਨਲ ਸਕੱਤਰ ਕੇ ਸੀ ਵੇਨੂਗੋਪਾਲ ਦੇ ਦਫਤਰ ਵਿਚ ਬੈਠੇ ਦਿਖਾਈ ਦਿੱਤੇ ਅਤੇ ਉਹਨਾਂ ਦੀ ਪਿੱਠ ਤੇ ਪੰਜਾਬ ਪ੍ਰਧਾਨ,ਵਿਰੋਧੀ ਧਿਰ ਦੇ ਨੇਤਾ ਵੀ ਖੜੇ ਦਿਖਾਈ ਦਿੱਤੇ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿੱਛਲੀ ਕਾਂਗਰਸ ਸਰਕਾਰ ਸਮੇ ਪੰਜਾਬ ਦੀ ਵਜਾਰਤ ਦੇ ਨਿੱਗ ਮਾਨਣ ਕਈ ਵੱਡੇ ਲੀਡਰ ਕਾਂਗਰਸ ਨੂੰ ਅਲਵਿਦਾ ਕਹਿ ਭਾਜਪਾ ਵਿਚ ਸ਼ਾਮਲ ਹੋ ਗਏ ਪਰ ਦਿਲਚਸਪ ਗੱਲ ਇਹ ਰਹੀ ਕਿ ਉਹਨਾਂ ਲੀਡਰਾਂ ਦੇ ਨਾਲ ਕਾਂਗਰਸੀ ਵਰਕਰ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਨਕਾਰੀ ਕਰ ਗਏ ਅਤੇ ਇਕੱਲੇ ਇਕੱਲੇ ਸਾਬਕਾ ਵਜ਼ੀਰ ਹੀ ਕਮਲ ਦੇ ਫੁੱਲ ਵਾਲੇ ਪੱਲੇ ਪਵਾਉਂਦੇ ਦਿਖਾਈ ਦਿੱਤੇ । ਇਹਨਾਂ ਲੀਡਰਾਂ ਦੇ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਪ੍ਰਧਾਨ,ਵਿਰੋਧੀ ਧਿਰ ਦੇ ਨੇਤਾ ਬਾਜਵਾ ਸਮੇਤ ਸੀਨੀਅਰ ਲੀਡਰ ਹਰ ਭਾਸ਼ਣ ਵਿਚ ਕਹਿੰਦੇ ਆਮ ਸੁਣੇ ਜਾਂਦੇ ਸਨ ਕਿ ਉਹਨਾਂ ਦੀ ਪਾਰਟੀ ਵਿੱਚੋ ਗਦਾਰਾਂ ਦਾ ਸਫਾਇਆ ਹੋ ਗਿਆ ਹੈ ਅਤੇ ਹੁਣ ਉਹਨਾਂ ਸੀਟਾਂ ਤੇ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਵੇਗਾ ਕਿਉਂਕਿ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੈ । ਪਾਰਟੀ ਵੱਲੋ ਦਿੱਤੀ ਹੱਲਾਸ਼ੇਰੀ ਤੋਂ ਬਾਅਦ ਨੌਜਵਾਨ ਆਗੂਆਂ ਨੇ ਉਕਤ ਹਲਕਿਆਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਾਰਟੀ ਦੇ ਵਰਕਰਾਂ ਨੂੰ ਵੀ ਨਾਲ ਤੋਰਨ ਵਿਚ ਸਫਲ ਹੋ ਗਏ ਜਿਸਦੀ ਤਸਦੀਕ ਪਿੱਛਲੇ ਸਮੇ ਅੰਦਰ ਕਾਂਗਰਸ ਵੱਲੋ ਦਿੱਤੇ ਜਿਲ੍ਹਾ ਪੱਧਰੀ ਧਰਨਿਆਂ ਵਿਚ ਹੋਇਆ ਵਿਸ਼ਾਲ ਇਕੱਠ ਦਸਦਾ ਹੈ ਅਤੇ ਉਹਨਾਂ ਧਰਨਿਆਂ ਵਿਚ ਵੀ ਕਾਂਗਰਸ ਦੇ ਜਿਲ੍ਹਾ,ਬਲਾਕ ਪ੍ਰਧਾਨ ਤੇ ਵਰਕਰ ਸੀਨੀਅਰ ਲੀਡਰਸ਼ਿਪ ਨੂੰ ਚੀਕਾਂ ਮਾਰ ਮਾਰ ਕਹਿ ਰਹੇ ਸਨ ਕਿ ਹੁਣ ਭਾਜਪਾ ਚ ਜਾਣ ਵਾਲੇ ਲੀਡਰਾਂ ਨੂੰ ਕੀਤੇ ਦੁਬਾਰਾ ਨਾ ਕਾਂਗਰਸੀ ਬਣਾ ਲਿਓ ਕਿਉਂਕਿ ਅਸੀਂ ਹੁਣ ਨਵੇਂ ਚੇਹਰਿਆਂ ਨੂੰ ਅੱਗੇ ਆਉਂਦਾ ਦੇਖਣਾ ਚਾਹੁੰਦੇ ਹਾਂ ਪਰ ਅਫਸੋਸ ਕਿ ਪਾਰਟੀ ਦੀ ਦਿੱਲੀ ਹਾਈਕਮਾਨ ਨੇ ਇਹਨਾਂ ਨੌਜਵਾਨ ਲੀਡਰਾਂ ਦੇ ਭਵਿੱਖ ਨੂੰ ਕੁਚਲ ਇਕ ਵਾਰ ਫਿਰ ਦਲ ਬਦਲੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਵਾ ਲਿਆ । ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਾਂਗਰਸੀ ਵਰਕਰ ਇਹਨਾਂ ਲੀਡਰਾਂ ਨਾਲ ਦੁਬਾਰਾ ਤੁਰਨਗੇ ਵੀ ਜਾ ਨਹੀਂ ?