ਕਿਸਾਨ ਯੂਨੀਅਨਾਂ ਹਮੇਸ਼ਾਂ ਧਰਨਿਆਂ ਲਈ ਵੱਧ ਚਰਚਿਤ ਰਹਿੰਦੀਆਂ ਹਨ ਪਰ ਇਸ ਵਾਰ ਕਿਸਾਨ ਯੂਨੀਅਨ ਨੇ ਇਕ ਨਵੇਕਲੀ ਪਹਿਲ ਕੀਤੀ ਹੈ ਅਤੇ ਪਿੰਡ ਆਲੇ ਵਾਲੇ ਦੇ ਗਰੀਬ ਕਿਸਾਨ ਜਿਸਦੀ ਮੱਝ ਦੀ ਕਰੰਟ ਲੱਗ ਮੌਤ ਹੋ ਗਈ ਸੀ ਉਸਨੂੰ ਜਥੇਬੰਦੀ ਬੀ ਕੇ ਯੂ ਕਾਦੀਆਂ ਵੱਲੋ ਆਪ ਮੱਝ ਖਰੀਦ ਕੇ ਭੇਂਟ ਕੀਤੀ, ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ ਕੇ ਯੂ ਕਾਦੀਆਂ ਦੇ ਪੰਜਾਬ ਮੀਤ ਪ੍ਰਧਾਨ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਿੰਡ ਆਲੇ ਵਾਲਾ, ਕਾਲੇ ਕੇ ਹਿਠਾੜ ਸਮੇਤ ਸੈਂਕੜੇ ਪਿੰਡਾਂ ’ਚ ਹੋਈ ਤਬਾਹੀ ਕਾਰਨ ਜਿੱਥੇ ਲੋਕਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ, ਉਥੇ ਤਬਾਹੀ ਵਿਚ ਇਕ ਗਰੀਬ ਕਿਸਾਨ ਦੀ ਮੱਝ ਕਰੰਟ ਲੱਗਣ ਨਾਲ ਮਰ ਗਈ ਸੀ, ਜਿਸ ਦਾ ਪਤਾ ਜਦੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੂੰ ਲੱਗਾ ਤਾਂ ਜ਼ੀਰਾ ਟੀਮ ਵਲੋਂ ਵੱਡਾ ਉਪਰਾਲਾ ਕਰਦਿਆਂ ਕਿਸਾਨ ਮਨਜੀਤ ਸਿੰਘ ਆਲੇ ਵਾਲਾ ਨੂੰ 80 ਹਜ਼ਾਰ ਰੁਪਏ ਦੀ ਸੱਜਰ ਮੱਝ ਦਿੱਤੀ ਗਈ। ਜਥੇਬੰਦੀ ਦੇ ਇਸ ਉਪਰਾਲੇ ਨਾਲ ਇਲਾਕੇ ’ਚ ਜਿੱਥੇ ਖੁਸ਼ੀ ਦੀ ਲਹਿਰ ਪਾਈ ਗਈ, ਉਥੇ ਕਿਸਾਨ ਵਲੋਂ ਜਥੇਬੰਦੀ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ’ਚ ਮਨਦੀਪ ਸਿੰਘ ਅਲੀਪੁਰ,ਹਰਪ੍ਰੀਤ ਸਿੰਘ ਲੌਂਗੋਦੇਵਾ,ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ,ਸੁਖਦੇਵ ਸਿੰਘ ਸਨੇਰ, ਪੇ੍ਰਮਜੀਤ ਸਿੰਘ ਮੀਤ ਪ੍ਰਧਾਨ ਬਲਾਕ, ਕੁਲਵਿੰਦਰ ਸਿੰਘ ਭੜਾਣਾ ਮੀਤ ਪ੍ਰਧਾਨ ਬਲਾਕ ਮੱਲਾਂਵਾਲਾ ਹਾਜ਼ਰ ਸਨ।