ਆਓ ਤੁਹਾਨੂੰ ਅੱਜ ਦੇ ਦਿਨ ਦੀ ਸਿੱਖ ਧਰਮ ਵਿਚ ਮਹੱਤਤਾ ਤੋਂ ਜਾਣੂ ਕਰਵਾਉਂਦੇ ਹਾਂ। ਇਤਿਹਾਸ ਅਨੁਸਾਰ 1920 ਤੱਕ ਪੁਜਾਰੀ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਕਬੂਲ ਨਹੀਂ ਕਰਦੇ ਸਨ। 11 ਅਕਤੂਬਰ ਨੂੰ ਜਲਿਆਂਵਾਲੇ ਬਾਗ ਵਿਚ ਸਿੱਖਾਂ ਦੀ ਇਕੱਤਰਤਾ ਹੋਈ ਜਿਸ ਵਿਚ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਮਤਲਬ 12 ਅਕਤੂਬਰ ਨੂੰ ਪੱਛੜੀਆਂ ਜਾਤਾਂ ਦੇ ਸਿੱਖ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਜਾਣ,ਉਹਨਾਂ ਨਾਲ ਕਈ ਸਿੱਖ ਆਗੂ ਜਾਣ ਲਈ ਤਿਆਰ ਹੋ ਗਏ । ਅਗਲੇ ਦਿਨ ਪੱਛੜੀਆਂ ਜਾਤਾਂ ਦੇ ਕਈ ਸਿੰਘਾਂ ਨੇ ਖੰਡੇ ਦੀ ਪਾਹੁਲ ਲਈ ਅੰਮ੍ਰਿਤ ਛਕਿਆ।
ਦੀਵਾਨ ਖਤਮ ਹੋਣ ਤੋਂ ਬਾਅਦ ਇਹ ਸਾਰੇ ਸਿੱਖ ਇਕੱਠੇ ਹੋ ਕੇ ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਹੇਠ ਦਰਬਾਰ ਸਾਹਿਬ ਗਏ, ਜਿਹਾ ਕਿ ਉਮੀਦ ਸੀ ਪੁਜਾਰੀਆਂ ਨੇ ਅੱਜ ਫੇਰ ਪੱਛੜੀਆਂ ਜਾਤਾਂ ਦੇ ਸਿੰਘਾਂ ਤੋਂ ਪ੍ਰਸ਼ਾਦ ਕਬੂਲ ਨਾ ਕੀਤਾ।ਪ੍ਰੋਫੈਸਰ ਹਰਕ੍ਰਿਸ਼ਨ ਸਿੰਘ ਬਾਵਾ ਨੇ ਗਲ ਵਿਚ ਪੱਲਾ ਪਾ ਕੇ ਪੁਜਾਰੀਆਂ ਨੂੰ ਤਿੰਨ ਵਾਰ ਪ੍ਰਸ਼ਾਦ ਕਬੂਲ ਕਰਨ ਲਈ ਬੇਨਤੀ ਕੀਤੀ ਪਰ ਪੁਜਾਰੀਆਂ ਨੇ ਨੰਨਾ ਹੀ ਫੜ੍ਹੀ ਰੱਖਿਆ ।
ਐਨੀ ਦੇਰ ਨੂੰ ਜਥੇਦਾਰ ਕਰਤਾਰ ਸਿੰਘ ਝੱਬਰ ਤੇ ਜਥੇਦਾਰ ਤੇਜਾ ਸਿੰਘ ਭੁੱਚਰ ਵੀ ਪਹੁੰਚ ਗਏ,ਹੁਣ ਸੰਗਤ ਦੀ ਗਿਣਤੀ ਬਹੁਤ ਹੋ ਚੁੱਕੀ ਸੀ ਹੁਣ ਸੰਗਤ ਨੇ ਫੈਂਸਲਾ ਲਿਆ ਕਿ “ਗੁਰੂ ਗਰੰਥ ਸਾਹਿਬ ਜੀ ” ਦਾ ਵਾਕ ਲਿਆ ਜਾਵੇ ਅਤੇ ਗੁਰੂ ਗਰੰਥ ਸਾਹਿਬ ਦਾ ਹੁਕਮ ਸੀ –
“ਨਿਗੁਣਿਆ ਨੋ ਆਪੇ ਬਖਸਿ ਲਏ ਭਾਈ, ਸਤਿਗੁਰ ਕੀ ਸੇਵਾ ਲਾਇ, ਸਤਿਗੁਰੂ ਕਿ ਸੇਵਾ ਉੱਤਮ ਹੈ ਭਾਈ ਰਾਮ ਨਾਮ ਚਿੱਤ ਲਾਇ ”
ਸਤਿਗੁਰੂ ਦਾ ਹੁਕਮ ਸੁਨ ਸੰਗਤ ਵਿਸਮਾਦ ਵਿਚ ਆ ਗਈ ਅਖੀਰ ਪੁਜਾਰੀਆਂ ਨੂੰ ਅਰਦਾਸ ਕਰਨੀ ਪਈ ਅਤੇ ਪ੍ਰਸ਼ਾਦ ਵਰਤਾਇਆ ਗਿਆ । ਇਸਤੋਂ ਬਾਅਦ ਸੰਗਤ ਅਕਾਲ ਤਖਤ ਸਾਹਿਬ ਵੱਲ ਗਈ , ਸੰਗਤ ਨੂੰ ਆਉਂਦਿਆਂ ਦੇਖ ਪੁਜਾਰੀ ਥਕਤ ਸਾਹਿਬ ਨੂੰ ਸੁੰਨਿਆਂ ਛੱਡ ਕੇ ਚਲੇ ਗਏ ।
ਉਹਨਾਂ ਦੇ ਜਾਣ ਮਗਰੋਂ ਸਿੱਖ ਸੰਗਤ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ,ਸਿੱਖ ਆਗੂਆਂ ਦੇ ਤਖਤ ਸਾਹਿਬ ਤੇ ਲੈਕਚਰ ਹੋਏ ਅਤੇ ਬਾਅਦ ਵਿਚ ਹਾਜ਼ਰ ਸੰਗਤ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ 25 ਸਿੰਘਾਂ ਦਾ ਇੱਕ ਜਥਾ ਬਣਾਉਣ ਦਾ ਫੈਂਸਲਾ ਕੀਤਾ ।
ਇਸੇ ਦਿਨ ਹੀ 12 ਅਕਤੂਬਰ 1923 ਨੂੰ ਸਰਕਾਰ ਨੇ 23772 /73 ਚਿਠੀ ਜਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ,ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਗੈਰਕਨੂੰਨੀ ਕਰਾਰ ਦੇਣ ਨਾਲ ਉਸ ਰਾਤ ਅਤੇ ਅਗਲੀ ਦਿਨ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ 120B,121A,124A,17A,17B ਅਧੀਨ ਗ੍ਰਿਫਤਾਰ ਕਰ ਲਿਆ,ਪਹਿਲੇ ਦਿਨ 59 ਆਗੂ ਗ੍ਰਿਫਤਾਰ ਕੀਤੇ ਜਿਹਨਾਂ ਵਿਚ ਸ਼੍ਰੋਮਣੀ ਕਮੇਟੀ ਦੀ ਸਾਰੀ ਅਗਜੈਕਟਿਵ ਸ਼ਾਮਲ ਸੀ ।