ਪੰਜਾਬ
11,ਅਕਤੂਬਰ – ਕਾਂਗਰਸ ਸਰਕਾਰ ਸਮੇ ਹਮੇਸ਼ਾਂ ਹੀ ਚਰਚਾ ਦਾ ਵਿਸ਼ਾ ਬਣੇ ਰਹੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਹੁਣ ਵਿਰੋਧੀ ਧਿਰ ਵਿਚ ਹੋ ਕੇ ਵੀ ਸੁਰਖੀਆਂ ਵਿਚ ਰਹਿੰਦੇ ਹਨ ਅਤੇ ਹੁਣ ਬੀਤੇ ਕੱਲ ਤੋਂ ਓਹਨਾ ਵੱਲੋ ਬੀ ਡੀ ਪੀ ਓ ਦਫਤਰ ਜ਼ੀਰਾ ਵਿਖੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਮਜੂਦਾ ਵਿਧਾਇਕ ਖਿਲਾਫ ਧਰਨਾ ਲਗਾਇਆ ਗਿਆ ਹੈ। ਅੱਜ ਧਰਨੇ ਵਿਚ ਹਾਜ਼ਰ ਜਿਲ੍ਹੇ ਭਰ ਤੋਂ ਕਾਂਗਰਸੀ ਸਰਪੰਚਾਂ ਨੂੰ ਆਪਣੇ ਸੰਬੋਧਨ ਵਿਚ ਜਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਬੜ੍ਹਕ ਮਾਰਦਿਆਂ ਕਿਹਾ ਕਿ ਜਾਂ ਤਾਂ ਮੈਂ ਗ੍ਰਿਫਤਾਰ ਹੋ ਜਾਂ ਵਿਧਾਇਕ ਨਰੇਸ਼ ਕਟਾਰੀਆ ਅਤੇ ਸੱਚ ਝੂਠ ਦਾ ਨਿਤਾਰਾ ਤਾ ਲੋਕ ਕਰਨਗੇ। ਉਹਨਾਂ ਕਿਹਾ ਕਿ ਮਜੂਦਾ ਵਿਧਾਇਕ ਦੀ ਸ਼ਹਿ ਤੇ ਬਲਾਕ ਅਫਸਰਾਂ ਨੇ ਗਰੀਬਾਂ ਨੂੰ ਜਾਹਲੀ ਪਲਾਟਾਂ ਦੇ ਸਰਟੀਫਿਕੇਟ ਵੰਡੇ ਅਤੇ ਸਰਪੰਚਾਂ ਤੋਂ ਤੋਂ ਗਰਾਂਟਾਂ ਲਗਾਉਣ ਬਦਲੇ ਵੀਹ ਪ੍ਰੀਸ਼ਦ ਤੱਕ ਹਿੱਸਾ ਮੰਗਿਆ ਗਿਆ ।
ਉਹਨਾਂ ਕਿਹਾ ਕਿ ਕਈ ਪਿੰਡਾਂ ਵਿਚ ਅਧਿਕਾਰਤ ਸਰਪੰਚ ਪੰਚਾਇਤ ਦੇ ਦਰਖਤ ਕੱਟ ਕੇ ਵੇਚ ਗਏ ਅਤੇ ਕਈ ਜਗ੍ਹਾ ਗਰਾਂਟਾਂ ਹੀ ਗਬਨ ਕਰ ਗਏ ਅਤੇ ਜਿਥੇ ਜਿਆਦਾ ਗ੍ਰਾੰਟ ਪਈ ਹੈ ਓਥੇ ਚੁਣੀਆਂ ਪੰਚਾਇਤਾਂ ਨੂੰ ਭੰਗ ਕਰ ਅਧਿਕਾਰਤ ਸਰਪੰਚ ਨਿਯੁਕਤ ਕੀਤੇ ਗਏ ਹਨ । ਉਹਨਾਂ ਕਿਹਾ ਕਿ ਸਰਕਾਰ ਦੀਆਂ ਅੱਖਾਂ ਖੋਲਣ ਲਈ ਕੱਲ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ,ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਦਿ ਹਾਜ਼ਰ ਹੋ ਰਹੇ ਹਨ । ਜਿਕਰਯੋਗ ਹੈ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋ ਵਿੱਢੇ ਇਸ ਸੰਗਰਸ਼ ਵਿਚ ਬੀਤੀ ਰਾਤ ਵੀ ਬੀ ਡੀ ਪੀ ਓ ਦਫਤਰ ਵਿਚ ਹੀ ਗੁਜ਼ਾਰੀ ਹੈ ਅਤੇ ਧਾਰਨਾ ਲਗਾਤਾਰ ਜਾਰੀ ਹੈ ।